ਸਰੂਪ ਦਾਸ ਭੱਲਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਰੂਪ ਦਾਸ ਭੱਲਾ : ਬਾਬਾ ਸਰੂਪ ਦਾਸ ਜਾਂ ਸਰੂਪ ਚੰਦ ਭੱਲਾ ਗੁਰੂ ਅਮਰਦਾਸ ਦੇ ਛੋਟੇ ਪੁੱਤਰ ਬਾਬਾ ਮੋਹਰੀ ਦੀ ਬੰਸ ਵਿੱਚੋਂ ਸੀ। ਜਦ ਗੁਰੂ ਅਮਰਦਾਸ ਨੇ ਗੁਰੂ ਰਾਮਦਾਸ ਨੂੰ ਗੁਰਗੱਦੀ ਸੌਂਪੀ ਤਾਂ ਉਹਨਾਂ ਨੇ ਆਪਣੇ ਦੋਹਾਂ ਪੁੱਤਰਾਂ ਨੂੰ ਉਹਨਾਂ ਅੱਗੇ ਮੱਥਾ ਟੇਕਣ ਲਈ ਕਿਹਾ। ਵੱਡੇ ਪੁੱਤਰ ਬਾਬਾ ਮੋਹਨ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਜਦ ਕਿ ਬਾਬਾ ਮੋਹਰੀ ਨੇ ਗੁਰੂ ਪਿਤਾ ਦਾ ਹੁਕਮ ਸਿਰ ਮੱਥੇ ਮੰਨ ਕੇ ਗੁਰੂ ਰਾਮਦਾਸ ਅੱਗੇ ਸਿਰ ਨਿਵਾ ਦਿੱਤਾ। ਬਾਬਾ ਮੋਹਰੀ ਦੀ ਨੌਂਵੀ ਪੀੜ੍ਹੀ ਵਿੱਚ ਸਰੂਪ ਦਾਸ ਭੱਲਾ ਦਾ ਜਨਮ ਅੰਦਾਜ਼ਨ 1750 ਦੇ ਲਗਪਗ ਹੋਇਆ। ਇਹਨਾਂ ਦੇ ਪਿਤਾ ਦਾ ਨਾਂ ਬਾਬਾ ਬਾਹੜ ਮੱਲ ਸੀ। ਸਰੂਪ ਦਾਸ ਭੱਲਾ ਦਾ ਪੁੱਤਰ ਕਿਰਪਾ ਦਿਆਲ ਸਿੰਘ ਸੀ। ਕਿਰਪਾ ਦਿਆਲ ਸਿੰਘ ਦੀ ਅੰਸ ਬੰਸ ਵਿੱਚੋਂ ਬਾਬਾ ਸੁਮੇਰ ਸਿੰਘ ਪਟਨੇ ਵਾਲੇ ਸਨ ਜੋ ਕੁਝ ਸਮਾਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਮਹੰਤ ਵੀ ਰਹੇ। ਸਰੂਪ ਦਾਸ ਭੱਲਾ ਦੀ ਪ੍ਰਸਿੱਧੀ ਉਸ ਦੇ ਲਿਖੇ ਸਿੱਖ ਇਤਿਹਾਸਿਕ ਗ੍ਰੰਥ ਮਹਿਮਾ ਪ੍ਰਕਾਸ਼  ਕਰ ਕੇ ਹੈ ਪਰ ਇਹਨਾਂ ਦੇ ਖ਼ਾਨਦਾਨ ਨੇ ਕਈ ਲੇਖਕ ਪੈਦਾ ਕੀਤੇ ਜਿਨ੍ਹਾਂ ਵਿੱਚ ਬਾਬਾ ਤੋਲਾ ਸਿੰਘ ਭੱਲਾ, ਕਿਰਪਾ ਦਿਆਲ ਸਿੰਘ, ਬਾਬਾ ਸਾਧੂ ਸਿੰਘ ਖ਼ਾਸ ਕਰ ਕੇ ਗਿਣੇ ਜਾ ਸਕਦੇ ਹਨ। ਬਾਬਾ ਤੋਲਾ ਸਿੰਘ ਭੱਲਾ, ਸਰੂਪ ਦਾਸ ਭੱਲਾ ਦੋ ਸੱਕੇ ਭਰਾ ਸਨ ਜਿਨ੍ਹਾਂ ਨੇ ਦਸ ਗੁਰੂ ਸਾਹਿਬ ਬਾਰੇ ਇੱਕ ਪ੍ਰਸਿੱਧ ਗ੍ਰੰਥ ਗੁਰ ਰਤਨਾਵਲੀ  ਦੀ ਰਚਨਾ ਕੀਤੀ। ਬਾਬਾ ਕਿਰਪਾ ਦਿਆਲ ਸਿੰਘ ਨੇ ਫਤਹਨਾਮਾ ਗੁਰੂ ਜੀ ਦੇ ਪੰਥ ਕਾ ਲਿਖਿਆ। ਸੁਮੇਰ ਸਿੰਘ ਪਟਨੇ ਵਾਲਿਆਂ ਨੇ ਖਾਲਸਾ ਸ਼ਤਕ, ਗੁਰੂ ਪਦ ਪ੍ਰੇਮ ਪ੍ਰਕਾਸ਼  ਆਦਿ ਗ੍ਰੰਥ ਲਿਖੇ।

     ਸਰੂਪ ਦਾਸ ਭੱਲਾ ਦੇ ਕਹਿਣ ਅਨੁਸਾਰ ਗੋਇੰਦਵਾਲ ਵਿੱਚ ਜੋ ਗੁਰੂ ਅਮਰਦਾਸ ਜੀ ਦਾ ਪ੍ਰਮੁੱਖ ਕੇਂਦਰ ਸੀ, ਬਾਬਾ ਮੋਹਰੀ ਦਾ ਚੰਗਾ ਰਸੂਖ਼ ਸੀ ਅਤੇ ਗੁਰੂ ਘਰ ਨਾਲ ਇਹਨਾਂ ਦੇ ਸੰਬੰਧ ਬੜੇ ਮਧੁਰ ਅਤੇ ਨਿੱਘੇ ਸਨ। ਭੱਲਾ ਇਹ ਵੀ ਬਿਆਨ ਕਰਦਾ ਹੈ ਕਿ ਗੁਰੂ ਰਾਮਦਾਸ ਤੋਂ ਮਗਰਲੇ ਗੁਰੂ ਸਾਹਿਬਾਨ ਨੂੰ ਗੁਰਗੱਦੀ `ਤੇ ਬਿਠਾਉਣ ਲਈ ਭੱਲਾ ਖ਼ਾਨਦਾਨ ਦੇ ਮਹਾਂਪੁਰਸ਼ਾਂ ਦਾ ਰਸੂਖ਼ ਬੜਾ ਕੰਮ ਵੀ ਆਇਆ ਜਿਵੇਂ ਗੁਰੂ ਅਰਜਨ ਦੇਵ ਸਮੇਂ ਪ੍ਰਿਥੀ ਚੰਦ ਨਾਲ ਉਹਨਾਂ ਦੇ ਝਗੜੇ ਸਮੇਂ ਗੁਰੂ ਅਰਜਨ ਦੇਵ ਦੇ ਹੱਕ ਵਿੱਚ ਫ਼ੈਸਲਾ ਬਾਬਾ ਮੋਹਰੀ ਨੇ ਹੀ ਕੀਤਾ। ਇਸੇ ਤਰ੍ਹਾਂ ਧੀਰ ਮੱਲ ਅਤੇ ਗੁਰੂ ਤੇਗ਼ ਬਹਾਦਰ ਦੇ ਵੇਲੇ ਵੀ ਬਾਬਾ ਦੁਆਰਕਾ ਨੇ ਗੁਰਗੱਦੀ ਲਈ ਗੁਰੂ ਤੇਗ਼ ਬਹਾਦਰ ਦੀ ਮਦਦ ਕੀਤੀ। ਇਹੋ ਕਾਰਨ ਹੈ ਕਿ ਮਹਿਮਾ ਪ੍ਰਕਾਸ਼ ਵਿੱਚ ਭੱਲਾ ਖ਼ਾਨਦਾਨ ਦੀ ਉਚੇਚੀ ਵਡਿਆਈ ਕੀਤੀ ਗਈ ਮਿਲਦੀ ਹੈ। ਵਿੰਗੇ ਟੇਢੇ ਢੰਗ ਨਾਲ ਸਰੂਪ ਦਾਸ ਭੱਲਾ ਇਹ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਹੈ ਕਿ ਜਦ ਤੱਕ ਗੋਇੰਦਵਾਲੀ ਗੁਰੂ ਅੰਸ ਵਿਚਲੇ ਭੱਲੇ ਬਾਬੇ ਕਿਸੇ ਫ਼ੈਸਲੇ ਉਪਰ ਆਪਣੀ ਮੁਹਰ ਨਹੀਂ ਸਨ ਲਾਉਂਦੇ, ਓਨਾ ਚਿਰ ਉਹ ਫ਼ੈਸਲਾ ਸਿਰੇ ਨ ਚੜ੍ਹਦਾ, ਖ਼ਾਸ ਕਰ ਕੇ ਗੁਰੂ ਥਾਪਨਾ ਵਿੱਚ।

     ਬਾਬਾ ਸਰੂਪ ਦਾਸ ਭੱਲਾ ਨੇ ਆਪਣਾ ਪ੍ਰਸਿੱਧ ਗ੍ਰੰਥ ਮਹਿਮਾ ਪ੍ਰਕਾਸ਼ 1776 ਵਿੱਚ ਮੁਕੰਮਲ ਕੀਤਾ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਠੀਕ ਸੱਠ ਸਾਲ ਬਾਅਦ ਵਿੱਚ। ਇਸ ਗ੍ਰੰਥ ਵਿੱਚ ਦਸ ਗੁਰੂ ਸਾਹਿਬਾਨ ਦਾ ਜੱਸ ਤਾਂ ਹੈ ਹੀ, ਨਾਲ ਉਹਨਾਂ ਦੇ ਜੀਵਨ ਦੀਆਂ ਮੁੱਖ-ਮੁੱਖ ਘਟਨਾਵਾਂ ਵੀ ਬਿਆਨ ਕੀਤੀਆਂ ਗਈਆਂ ਹਨ। ਮਹਿਮਾ ਪ੍ਰਕਾਸ਼  ਪਹਿਲਾ ਗ੍ਰੰਥ ਹੈ ਜੋ ਦਸ ਗੁਰੂ ਸਾਹਿਬਾਨ ਦਾ ਜੀਵਨ ਇੱਕ ਥਾਂ ਬਿਆਨ ਕਰਦਾ ਹੈ। ਇਸ ਤੋਂ ਪਹਿਲਾਂ ਭਾਵੇਂ ਭਾਈ ਗੁਰਦਾਸ ਦੀਆਂ ਵਾਰਾਂ, ਜਨਮ ਸਾਖੀਆਂ, ਗੁਰਬਿਲਾਸ ਪਾਤਸ਼ਾਹੀ ਛੇਵੀਂ  ਅਤੇ ਕਈ ਹੋਰ ਇਤਿਹਾਸਿਕ ਰਚਨਾਵਾਂ ਮਿਲ ਜਾਂਦੀਆਂ ਹਨ ਪਰ ਉਹਨਾਂ ਵਿੱਚ ਦਸ ਗੁਰੂ ਸਾਹਿਬਾਨ ਦਾ ਭਰਵਾਂ ਇਤਿਹਾਸ ਨਹੀਂ ਸੀ। ਭਾਈ ਗੁਰਦਾਸ ਦੀਆਂ ਵਾਰਾਂ, ਖ਼ਾਸ ਕਰ ਕੇ ਪਹਿਲੀ ਵਾਰ ਵਿੱਚ, ਜ਼ਿਆਦਾ ਵੇਰਵਾ ਗੁਰੂ ਨਾਨਕ ਦੇਵ ਦਾ ਹੈ ਅਤੇ ਇੱਕ-ਇੱਕ ਪਉੜੀ ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਅਤੇ ਗੁਰੂ ਹਰਿਗੋਬਿੰਦ ਬਾਰੇ ਹੈ। ਜਨਮ- ਸਾਖੀਆਂ ਵਿੱਚ ਕੇਵਲ ਗੁਰੂ ਨਾਨਕ ਦੇਵ ਦਾ ਹੀ ਹਾਲ ਹੈ। ਗੁਰਬਿਲਾਸ ਪਾਤਸ਼ਾਹੀ ਛੇਵੀਂ  ਵਿੱਚ ਗੁਰੂ ਹਰਿਗੋਬਿੰਦ ਜੀ ਦਾ ਇਤਿਹਾਸ ਹੈ ਅਤੇ ਗੁਰ ਸੋਭਾ  ਵਿੱਚ ਗੁਰੂ ਗੋਬਿੰਦ ਸਿੰਘ ਦੀ ਜੀਵਨ ਕਥਾ ਹੈ। ਇਸ ਤਰ੍ਹਾਂ ਮਹਿਮਾ ਪ੍ਰਕਾਸ਼  ਦਾ ਮਹੱਤਵ ਸੁਤੇ ਸਿੱਧ ਹੀ ਪ੍ਰਗਟ ਹੋ ਰਿਹਾ ਹੈ। ਵੱਡਆਕਾਰੀ ਰਚਨਾ ਹੋਣ ਕਰ ਕੇ ਇਹ ਦੋ ਭਾਗਾਂ ਵਿੱਚ ਛਪੀ ਹੋਈ ਮਿਲਦੀ ਹੈ। ਪਹਿਲਾ ਭਾਗ ਗੁਰੂ ਨਾਨਕ ਮਹਿਮਾ  ਅਤੇ ਦੂਜਾ ਮਹਿਮਾ ਪ੍ਰਕਾਸ਼ (ਭਾਗ ਦੂਜਾ) ਨਾਵਾਂ ਥੱਲੇ ਛਪਿਆ ਹੋਇਆ ਹੈ। ਗੁਰੂ ਨਾਨਕ ਮਹਿਮਾ  ਵਿੱਚ ਕੇਵਲ ਗੁਰੂ ਨਾਨਕ ਦੇਵ ਦਾ ਹੀ 65 ਸਾਖੀਆਂ ਵਿੱਚ ਹਾਲ ਬਿਆਨ ਕੀਤਾ ਗਿਆ ਹੈ ਜਦ ਕਿ ਭਾਗ ਦੂਜਾ ਵਿੱਚ ਅੱਠ ਗੁਰੂ ਸਾਹਿਬਾਨ ਦੀਆਂ ਕੁੱਲ 171 ਸਾਖੀਆਂ ਦਰਜ ਹਨ। ਇਹਨਾਂ ਸਾਖੀਆਂ ਦਾ ਵੇਰਵਾ ਹੈ-ਗੁਰੂ ਅੰਗਦ ਦੇਵ-16, ਗੁਰੂ ਅਮਰਦਾਸ-32, ਗੁਰੂ ਰਾਮਦਾਸ -8, ਗੁਰੂ ਅਰਜਨ ਦੇਵ-22, ਗੁਰੂ ਹਰਿਗੋਬਿੰਦ-22, ਗੁਰੂ ਹਰਿ ਰਾਏ-21, ਗੁਰੂ ਹਰਕਿਸ਼ਨ-4, ਗੁਰੂ ਤੇਗ਼ ਬਹਾਦਰ-19, ਗੁਰੂ ਗੋਬਿੰਦ ਸਿੰਘ-27 ਅਤੇ ਇੱਕ ਸਾਖੀ ਬੰਦਾ ਬਹਾਦਰ ਬਾਰੇ ਹੈ।

     ਮਹਿਮਾ ਪ੍ਰਕਾਸ਼ ਲਿਖਣ ਲਈ ਸਰੂਪ ਦਾਸ ਭੱਲਾ ਨੇ ਮੋਟੇ ਤੌਰ `ਤੇ ਲਿਖਤੀ ਅਤੇ ਜ਼ਬਾਨੀ ਸੋਮਿਆਂ ਤੋਂ ਮਦਦ ਲਈ ਹੈ। ਲਿਖਤੀ ਸੋਮਿਆਂ ਵਿੱਚ ਪੁਰਾਤਨ ਜਨਮ-ਸਾਖੀ  ਦਾ ਨਾਂ ਖ਼ਾਸ ਤੌਰ `ਤੇ ਲਿਆ ਜਾ ਸਕਦਾ ਹੈ ਕਿਉਂਕਿ ਗੁਰੂ ਨਾਨਕ ਦੇਵ ਦੀਆਂ ਸਾਖੀਆਂ ਵਧੇਰੇ ਇਸੇ ਨਾਲ ਹੀ ਮਿਲਦੀਆਂ ਹਨ। ਜ਼ਬਾਨੀ ਜਾਂ ਸੁਣ ਸੁਣਾ ਕੇ ਲਿਖੀਆਂ ਗੱਲਾਂ ਵਿੱਚ ਭੱਲੇ, ਸੋਢੀ ਅਤੇ ਬੇਦੀ ਖ਼ਾਨਦਾਨਾਂ ਵਿੱਚ ਚੱਲਦੀਆਂ ਰਵਾਇਤਾਂ ਤੋਂ ਹੀ ਸਹਾਇਤਾ ਲਈ ਗਈ ਹੈ।ਮਹਿਮਾ ਪ੍ਰਕਾਸ਼  ਲਿਖਣ ਵਿੱਚ ਸਰੂਪ ਦਾਸ ਭੱਲਾ ਦਾ ਪੱਖਪਾਤੀ ਦ੍ਰਿਸ਼ਟੀਕੋਣ ਵੀ ਝਲਕਦਾ ਹੈ ਜਿਸ ਕਰ ਕੇ ਉਸ ਦੁਆਰਾ ਦਿੱਤੀ ਗਈ ਜਾਣਕਾਰੀ ਪ੍ਰਚਲਿਤ ਸਿੱਖ ਇਤਿਹਾਸ ਨਾਲ ਮੇਲ ਨਹੀਂ ਖਾਂਦੀ। ਮਹਿਮਾ ਪ੍ਰਕਾਸ਼  ਉਪਰ ਬ੍ਰਾਹਮਣਵਾਦ ਦਾ ਵੀ ਵਿਆਪਕ ਅਸਰ ਹੈ। ਪ੍ਰਸਿੱਧ ਸਿੱਖ ਇਤਿਹਾਸਕਾਰ ਭਾਈ ਸੰਤੋਖ ਸਿੰਘ ਨੇ 1883 ਵਿੱਚ ਲਿਖੇ ਆਪਣੇ ਪ੍ਰਸਿੱਧ ਗ੍ਰੰਥ ਗੁਰ ਪ੍ਰਤਾਪ ਸੂਰਜ ਗ੍ਰੰਥ  ਵਿੱਚ ਸਰੂਪ ਦਾਸ ਭੱਲਾ ਦੇ ਮਹਿਮਾ ਪ੍ਰਕਾਸ਼ ਨੂੰ ਇੱਕ ਆਧਾਰ ਗ੍ਰੰਥ ਵਜੋਂ ਅਪਣਾਇਆ ਹੈ।

          ਮਹਿਮਾ ਪ੍ਰਕਾਸ਼ ਬੁਨਿਆਦੀ ਤੌਰ `ਤੇ ਇਤਿਹਾਸ ਬਾਰੇ ਰਚਿਆ ਗਿਆ ਗ੍ਰੰਥ ਹੈ ਅਤੇ ਇਹ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਲਈ ਵੀ ਕਾਫ਼ੀ ਅਹਿਮ ਰਚਨਾ ਹੈ। ਇਸ ਵਿੱਚ ਕਵਿਤਾ ਅਤੇ ਵਾਰਤਕ ਰਲੀ ਮਿਲੀ ਹੈ। ਬਿਰਤਾਂਤ ਜਾਂ ਵੇਰਵਾ ਕਵਿਤਾ ਵਿੱਚ ਹੈ ਜਦ ਕਿ ਸਾਖੀਆਂ ਦੇ ਸਿਰਲੇਖ ਵਾਰਤਕ ਵਿੱਚ ਹਨ। ਸਰੂਪ ਦਾਸ ਭੱਲਾ ਨੂੰ ਹਿੰਦੀ, ਪੰਜਾਬੀ, ਉਰਦੂ ਅਤੇ ਫ਼ਾਰਸੀ ਆਦਿ ਭਾਸ਼ਾਵਾਂ ਦਾ ਚੰਗਾ ਗਿਆਨ ਸੀ। ਪਾਤਰਾਂ ਮੁਤਾਬਕ ਭਾਸ਼ਾ ਅਤੇ ਸ਼ਬਦਾਂ ਦੀ ਵਰਤੋਂ ਮਹਿਮਾ ਪ੍ਰਕਾਸ਼ ਦਾ ਇੱਕ ਹੋਰ ਗੁਣ ਹੈ। ਛੰਦਾਂ ਵਿੱਚ ਜ਼ਿਆਦਾ ਕਰ ਕੇ ਦੋਹਰਾ, ਸੋਰਠਾ, ਚੌਪਈ, ਕਬਿੱਤ ਅਤੇ ਸੱਵਈਆ ਆਦਿ ਦੀ ਵਰਤੋਂ ਹੋਈ ਹੈ। ਜਦੋਂ ਕਿ ਅਲੰਕਾਰਾਂ ਵਿੱਚ ਰੂਪਕ, ਉਪਮਾ ਅਤੇ ਦ੍ਰਿਸ਼ਟਾਂਤ ਦੀ ਭਰਮਾਰ ਹੈ। ਕਈ ਸਾਖੀਆਂ ਵਿੱਚ ਜਲ੍ਹਣ, ਸੁਥਰਾ, ਛੱਜੂ, ਮਲੂਕ, ਨਲੂਆ, ਸ਼ਾਹ ਹੁਸੈਨ ਅਤੇ ਦਾਦੂ ਆਦਿ ਸੰਤਾਂ ਭਗਤਾਂ ਦਾ ਜ਼ਿਕਰ ਹੈ ਜੋ ਕਵੀ ਵੀ ਸਨ। ਇਸ ਤਰ੍ਹਾਂ ਪੰਜਾਬੀ ਕਵਿਤਾ ਦੇ ਇਤਿਹਾਸ ਉਪਰ ਇਹ ਗ੍ਰੰਥ ਨਵੀਂ ਰੋਸ਼ਨੀ ਵੀ ਪਾਉਂਦਾ ਹੈ।


ਲੇਖਕ : ਧਰਮ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3147, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.